ਜੇਐਲ ਨਿਊਜ਼ / JL NEWS
ਗੁਰਦਾਸਪੁਰ(ਪੰਜਾਬ) / 16-09-2022
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਲੋਂ ‘ਜਾਬ ਆਪਰਚੁਨੇਟੀ ਇੰਨ ਬੈਕਿੰਗ ਐਂਡ ਫਾਈਨੈਸ਼ੀਅਲ ਸੈਕਟਰ’ ਵਿਸ਼ੇ ਸਬੰਧੀ ਇੱਕ ਵਿਸ਼ੇਸ਼ ਸੈਮੀਨਾਰ ਅੱਜ ਡੀ.ਬੀ.ਈ.ਈ ਗੁਰਦਾਸਪੁਰ ਵਿਖੇ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿੱਚ ਐਸ.ਐਸ.ਐਮ ਕਾਲਜ, ਦੀਨਾਨਗਰ ਦੇ ਬੀ.ਕਾਮ ਦੇ ਪਹਿਲੇ ਸਾਲ ਦੇ ਵਿਦਿਆਰਥੀਆਂ ਨੇ ਭਾਗ ਲਿਆ।
ਜ਼ਿਲ੍ਹਾ ਰੋਜ਼ਗਾਰ ਅਫਸਰ ਸ਼੍ਰੀ ਪਰਸ਼ੋਤਮ ਸਿੰਘ ਨੇ ਸੈਮੀਨਾਰ ਦੌਰਾਨ ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ ਵਿੱਚ ਭਰਤੀ ਹੋਣ ਦੀ ਪ੍ਰਕਿਰਿਆ, ਕੈਰੀਅਰ ਪ੍ਰੋਗਰੈਸ਼ਨ ਅਤੇ ਆਫਰ ਕੀਤੇ ਜਾਣ ਵਾਲੇ ਸੈਲਰੀ ਪੈਕੇਜ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸਤੋਂ ਇਲਾਵਾ ਵਿਦਿਆਰਥੀਆਂ ਨੂੰ ਬੀ.ਕਾਮ ਦੇ ਨਾਲ-ਨਾਲ ਹੀ ਸੀ.ਏ, ਸੀ.ਐਸ. ਅਤੇ ਆਈ.ਸੀ.ਡਬਲਿਊ.ਏ. ਵਰਗੇ ਪ੍ਰੋਫੈਸ਼ਨਲ ਕੋਰਸਾਂ ਵਿੱਚ ਫਾਊਂਡੇਸ਼ਨ ਕੋਰਸ ਰਾਹੀਂ ਐਟਰੀ ਕਰਨ ਬਾਰੇ ਵੀ ਦੱਸਿਆ ਗਿਆ। ਉਹਨਾਂ ਵਿਦਿਆਰਥੀਆਂ ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿਖੇ ਚੱਲ ਰਹੀਆਂ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ (ਰੋਜ਼ਗਾਰ ਲਈ ਨੌਜਵਾਨਾਂ ਦੀ ਰਜਿਸਟਰੇਸ਼ਨ, ਸਰਕਾਰੀ ਨੌਕਰੀਆਂ ਲਈ ਗਾਈਡੈਂਸ, ਪ੍ਰਾਈਵੇਟ ਨੌਕਰੀਆਂ ਮੁਹੱਈਆ ਕਰਵਾਉਣ ਲਈ ਲਗਾਏ ਜਾਣ ਵਾਲੇ ਪਲੇਸਮੈਂਟ ਅਤੇ ਰੋਜ਼ਗਾਰ ਕੈਂਪ, ਸਵੈ ਰੋਜ਼ਗਾਰ ਕੈਂਪ, ਸਾਫਟ ਸਕਿੱਲ ਕੋਰਸਾਂ ਆਦਿ ਬਾਰੇ ਜਾਣੂ ਕਰਵਾਇਆ। ਉਹਨਾਂ ਨੇ ਅੰਤ ਵਿੱਚ ਬੱਚਿਆਂ ਨੂੰ ਭਵਿੱਖ ਵਿੱਚ ਵੀ ਨੌਕਰੀਆਂ ਅਤੇ ਕੈਰੀਅਰ ਸਬੰਧੀ ਜਾਣਕਾਰੀ ਲੈਣ ਲਈ ਇਸ ਦਫ਼ਤਰ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ।