ਜ਼ਿਲ੍ਹਾ ਸੰਗਰੂਰ ਪੁਲਿਸ ਦੀ ਵੱਡੀ ਕਾਰਵਾਈ
ਸੁਨਾਮ ਵਿਖੇ ਐਸ.ਐਸ.ਪੀ ਮਨਦੀਪ ਸਿੰਘ ਸਿੱਧੂ ਦੀ ਅਗਵਾਈ ਹੇਠ ਚਲਾਇਆ ਗਿਆ ਵਿਸ਼ੇਸ਼ ਸਰਚ ਆਪ੍ਰੇਸ਼ਨ ‘ ਕਾਸਕੋ ‘
ਜੇਐਲ ਨਿਊਜ / JL NEWS
ਸੰਗਰੂਰ(ਪੰਜਾਬ) / 17-09-2022
ਸੰਗਰੂਰ(ਪੰਜਾਬ) / 17-09-2022
ਮੁੱਖ ਮੰਤਰੀ ਸ. ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀਜੀਪੀ ਸ਼੍ਰੀ ਗੌਰਵ ਯਾਦਵ ਦੀਆਂ ਹਦਾਇਤਾਂ ਉਤੇ ਜ਼ਿਲ੍ਹਾ ਸੰਗਰੂਰ ਪੁਲਿਸ ਵੱਲੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਬੀਤੇ ਦਿਨੀਂ ਅਤੇ ਅੱਜ ਜ਼ਿਲ੍ਹਾ ਪੁਲਿਸ ਵੱਲੋ ਇੱਕ ਹੋਰ ਅਹਿਮ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਐੱਸ ਐੱਸ ਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਬੀਤੇ ਕੱਲ੍ਹ 16 ਸਤੰਬਰ ਨੂੰ ਨਸ਼ਾ ਤਸਕਰਾਂ ਵਿਰੁੱਧ ਢੁੱਕਵੀਂ ਕਾਰਵਾਈ ਨਾ ਕਰਨ ਕਾਰਨ ਜ਼ੇਲ੍ਹ ਪੋਸਟ ਅਨਾਜ ਮੰਡੀ ਸੁਨਾਮ ਵਿਖੇ ਤਾਇਨਾਤ 11 ਪੁਲਿਸ ਮੁਲਾਜ਼ਮਾਂ ਦਾ ਪੁਲਿਸ ਲਾਈਨ ਅਤੇ ਦੂਰ ਦੇ ਪੁਲਿਸ ਥਾਣਿਆਂ ਵਿੱਚ ਤਬਾਦਲਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਜ਼ੇਲ੍ਹ ਪੋਸਟ ਅਨਾਜ ਮੰਡੀ ਸੁਨਾਮ ਵਿਖੇ ਤਾਇਨਾਤ ਏ.ਐਸ.ਆਈ ਬਲਕਾਰ ਸਿੰਘ ਨੂੰ ਵੀ ਨਸ਼ਾ ਤਸਕਰਾਂ ਨਾਲ ਤਾਲਮੇਲ ਰੱਖਣ, ਨਸ਼ਾ ਤਸਕਰਾਂ ਪ੍ਰਤੀ ਨਰਮ ਰੁਖ਼ ਅਪਣਾਉਣ ਅਤੇ ਕਾਰਵਾਈ ਨਾ ਕਰਨ ਲਈ ਮੁਅੱਤਲ ਕਰਕੇ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਐਸ ਐਸ ਪੀ ਨੇ ਅੱਗੇ ਦੱਸਿਆ ਕਿ ਅੱਜ 17 ਸਤੰਬਰ ਨੂੰ ਇੰਦਰਾ ਬਸਤੀ ਸੁਨਾਮ ਵਿਖੇ ਵਿਸ਼ੇਸ਼ ਘੇਰਾਬੰਦੀ ਕਰ ਕੇ ‘ ਕਾਸਕੋ ‘ ਸਰਚ ਅਪ੍ਰੇਸ਼ਨ ਚਲਾਇਆ ਗਿਆ।
ਉਨ੍ਹਾਂ ਦੱਸਿਆ ਕਿ ਸਰਚ ਆਪ੍ਰੇਸ਼ਨ ਦੌਰਾਨ 20 ਸ਼ੱਕੀ ਵਾਹਨ ਜ਼ਬਤ ਕੀਤੇ ਗਏ ਹਨ ਅਤੇ ਲਗਭਗ 3 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਤੋਂ ਬਾਅਦ ਐਨਡੀਪੀਐਸ ਐਕਟ ਅਤੇ ਆਬਕਾਰੀ ਐਕਟ ਤਹਿਤ 3-3 ਐਫਆਈਆਰ ਦਰਜ ਕੀਤੀਆਂ ਗਈਆਂ ਹਨ।
ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਅਪ੍ਰੇਸ਼ਨ ਵਿੱਚ ਸਨੀਫਰ ਡਾਗ, ਐਂਟੀ-ਸੈਬੋਟੇਜ ਟੀਮ ਅਤੇ ਡਰੋਨ ਤੋਂ ਇਲਾਵਾ ਐਸ ਪੀ (ਪੀ ਬੀ ਆਈ), ਐਸ ਪੀ (ਡੀ), ਐਸ ਪੀ (ਹੈਡਕੁਆਟਰ), ਡੀ ਐਸ ਪੀ (ਡੀ), ਡੀ ਐਸ ਪੀ (ਸੁਨਾਮ), ਡੀ ਐਸ ਪੀ (ਹੈਡਕੁਆਟਰ), ਡੀ ਐਸ ਪੀ (ਐਨ ਡੀ ਪੀ ਐਸ) ਅਤੇ ਹੋਰ ਜੀ ਓਜ਼, ਐਸ ਐਚ ਓਜ਼ ਤੇ ਸੀ ਆਈ ਏ ਇੰਚਾਰਜ ਦੀ ਅਗਵਾਈ ਹੇਠ ਵੱਖ ਵੱਖ ਟੀਮਾਂ ਵਿੱਚ 400 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ।
ਉਨ੍ਹਾਂ ਕਿਹਾ ਕਿ ਇਸ ਆਪਰੇਸ਼ਨ ਦੌਰਾਨ ਆਈ.ਜੀ.ਪੀ ਪਟਿਆਲਾ ਰੇਂਜ ਮੁਖਵਿੰਦਰ ਸਿੰਘ ਛੀਨਾ ਸੰਗਰੂਰ ਪੁਲਿਸ ਮੁਲਾਜ਼ਮਾਂ ਦੀ ਹੌਸਲਾ ਅਫਜ਼ਾਈ ਲਈ ਵਿਸ਼ੇਸ਼ ਤੌਰ ‘ਤੇ ਪਹੁੰਚੇ ਸਨ।