ਡੀਸੀ ਵਿਨੀਤ ਕੁਮਾਰ ਨੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਲਹਿਰਾਇਆ ਕੌਮੀ ਝੰਡਾ
ਸਮਾਗਮ ਵਿਚ ਸਿਰਕਤ ਕਰਨ ਵਾਲੇ ਸਕੂਲਾਂ ਨੂੰ 16 ਅਗਸਤ ਦੀ ਛੁੱਟੀ ਦਾ ਐਲਾਨ
ਜੇਐਲ ਨਿਊਜ਼ / JL NEWS
ਸ੍ਰੀ ਮੁਕਤਸਰ ਸਾਹਿਬ(ਪੰਜਾਬ)/ 15-08–2022
ਅੱਜ ਸੁਤੰਤਰਤਾ ਦਿਵਸ ਮੌਕੇ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਮਨਾਏ ਗਏ ਜਿਲ੍ਹਾ ਪੱਧਰੀ ਪ੍ਰੋਗਰਾਮ ਵਿਚ ਸਕੂਲਾਂ ਦੇ ਬੱਚਿਆਂ ਵੱਲੋਂ ਵਰ੍ਹਦੇ ਮੀਂਹ ਵਿਚ ਭੰਗੜੇ ਅਤੇ ਗਿੱਧੇ ਦੀ ਪੇਸ਼ਕਾਰੀ ਨਾਲ ਇਹ ਸਮਾਗਮ ਯਾਦਗਾਰੀ ਹੋ ਨਿਬੜਿਆ।
ਝੰਡਾ ਲਹਿਰਾਉਣ ਦੀ ਰਸਮ ਵੀ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਕਿਣ-ਮਿਣ ਕਣੀਆਂ ਵਿਚ ਨਿਭਾਈ ਅਤੇ ਪਰੇਡ ਤੋਂ ਸਲਾਮੀ ਲਈ।
ਡਿਪਟੀ ਕਮਿਸ਼ਨਰ ਨੇ ਆਪਣੇ ਭਾਸਣ ਵਿਚ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ 2 ਮੁਹੱਲਾ ਕਲੀਨਿਕ ਖੋਲ੍ਹੇ ਜਾ ਰਹੇ ਹਨ ਅਤੇ ਇਸ ਦੇ ਨਾਲ ਹੀ ਸਿਖਿਆ ਦਾ ਪੱਧਰ ਉੱਚਾ ਚੁੱਕਣ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਦੇ ਨਾਲ ਹੀ ਉਹਨਾ ਦੱਸਿਆ ਕਿ ਜਿਲ੍ਹੇ ਵਿਚ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਜਿਲ੍ਹਾ ਵਾਸੀਆਂ ਦੇ ਸਹਿਯੋਗ ਨਾਲ ਨਸ਼ਾ ਤਸਕਰਾਂ ਤੇ ਨਕੇਲ ਵੀ ਕਸੀ ਜਾ ਰਹੀ ਹੈ।
ਭਾਰੀ ਬਾਰਿਸ਼ ਦ ਚੱਲਦਿਆਂ ਮਿੱਥੇ ਗਏ ਪ੍ਰੋਗਰਾਮ ਵਿੱਚ ਮਾਮੂਲੀ ਤਬਦੀਲੀਆਂ ਕੀਤੀਆਂ ਗਈਆਂ, ਪ੍ਰੋਗਰਾਮ ਉਪਰੰਤ ਡਿਪਟੀ ਕਮਿਸ਼ਨਰ ਨੇ ਵਰ੍ਹਦੇ ਮੀਂਹ ਵਿਚ ਨੱਚ ਕੇ ਅਤੇ ਗਾ ਕੇ ਖੁਸ਼ੀ ਦਾ ਇਜਹਾਰ ਕਰਨ ਵਾਲੇ ਬੱਚਿਆਂ ਅਤੇ ਸਰਕਾਰ ਦੇ ਸਾਰੇ ਨੁਮਾਇੰਦਿਆਂ ਦੀ ਇਸ ਪ੍ਰੋਗਰਾਮ ਨੂੰ ਸਫਲ ਬਨਾਉਣ ਲਈ ਸ਼ਲਾਘਾ ਕੀਤੀ। ਉੁਨ੍ਹਾਂ ਕਿਹਾ ਕਿ ਇਹ ਸੁਤੰਤਰਤਾ ਸਮਾਗਮ ਉਨ੍ਹਾਂ ਲਈ ਅਤੇ ਸਾਰੇ ਹੀ ਹਾਜ਼ਰ ਲੋਕਾਂ ਲਈ ਅਮਿਟ ਯਾਦ ਬਣ ਗਿਆ ਹੈ।
ਸੁਤੰਤਰਤਾ ਦਿਵਸ ਦੇ ਮੌਕੇ ਤੇ ਸ੍ਰੀ ਮੁਕਤਸਰ ਸਾਹਿਬ ਪੁਲਿਸ ਦੇ 75 ਸਾਈਕਲਿਸਟ 75 ਕਿਲੋਮੀਟਰ ਦਾ ਫਾਸਲਾ ਤਹਿ ਕਰਕੇ ਸਮਾਗਮ ਵਾਲੇ ਸਥਾਨ ਤੇ ਪਹੁੰਚੇ। ਇਹਨਾਂ ਸਾਈਕਲਿਸਟਾਂ ਦੀ ਅਗਵਾਈ ਕਰਨ ਵਾਲੇ ਪੰਜਾਬ ਪੁਲਿਸ ਦੇ ਜਵਾਨ ਵਲੋਂ ਮੋਟਰ ਸਾਈਕਲ ਤੇ ਤਿਰੰਗਾ ਲਹਿਰਾਉਂਦੇ ਹੋਏ ਆਪਣੇ ਕਰੱਤਬ ਦਿਖਾਇਆ ਗਿਆ, ਜਿਸ ਵਿਚ ਉਸ ਨੇ ਮੋਟਰਸਾਇਕਲ ਉੱਪਰ ਖੜ੍ਹੇ ਹੋ ਕੇ ਤਿਰੰਗੇ ਝੰਡੇ ਨਾਲ ਸਲਾਮੀ ਦਿੱਤੀ।
ਇਸ ਮੌਕੇ ਜਿ਼ਲ੍ਹਾ ਰੈਡ ਕਰਾਸ ਵਲੋਂ ਲੋੜਵੰਦ ਔਰਤਾਂ ਨੂੰ ਆਪਣਾ ਖੁਦ ਦਾ ਕੰਮ ਸ਼ੁਰੂ ਕਰਨ ਲਈ 18 ਸਿਲਾਈ ਮਸ਼ੀਨਾਂ ਦਿੱਤੀਆਂ ਗਈਆਂ। ਖੇਡ ਵਿਭਾਗ ਦੇ ਖਿਡਾਰੀਆਂ ਵਲੋਂ ਇਸ ਮੌਕੇ ਤੇ ਸ਼ਾਨਦਾਰ ਜਿਮਨਾਸਟਿਕ ਸ਼ੋਅ ਪੇਸ਼ ਕੀਤਾ ਗਿਆ। ਇਸ ਤੋਂ ਇਲਾਵਾ ਸ.ਸ.ਸ.ਸ. ਲੜਕੇ ਅਤੇ ਲੜਕੀਆਂ ਨੇ ਪੈਂਦੇ ਮੀਂਹ ਵਿੱਚ ਪੀ.ਟੀ.ਸ਼ੋਅ ਵੀ ਪੇਸ਼ ਕੀਤਾ।ਇਸ ਮੌਕੇ ਤੇ ਜਿ਼ਲ੍ਹਾ ਪ੍ਰਸ਼ਾਸਨ ਵਲੋਂ ਆਜ਼ਾਦੀ ਘੁਲਾਟੀਆਂ ਨੂੰ ਸਨਮਾਨਚਿੰਨ ਅਤੇ ਵਧੀਆ ਕਾਰਗੁਜਾਰੀ ਦਿਖਾਉਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪ੍ਰਸੰਸਾ ਪੱਤਰ ਵੀ ਦਿੱਤੇ।
ਇਸ ਮੌਕੇ ਤੇ ਸ੍ਰੀ ਅਰੁਨਵੀਰ ਵਸਿ਼ਸ਼ਟ ਜਿ਼ਲ੍ਹਾ ਅਤੇ ਸੈਸ਼ਨ ਜੱਜ, ਸ.ਜਗਦੀਪ ਸਿੰਘ ਕਾਕਾ ਬਰਾੜ ਐਮ.ਐਲ.ਏ ਸ੍ਰੀ ਮੁਕਤਸਰ ਸਾਹਿਬ, ਸ.ਗੁਰਮੀਤ ਸਿੰਘ ਖੁੱਡੀਆ ਵਿਧਾਇਕ ਲੰਬੀ, ਸਚਿਨ ਗੁਪਤਾ ਐਸ.ਐਸ.ਪੀ., ਸ੍ਰੀ ਰਾਜਪਾਲ ਸਿੰਘ ਏ.ਡੀ.ਸੀ.(ਵਿਕਾਸ) ਰਾਜਦੀਪ ਕੌਰ ਏ.ਡੀ.ਸੀ.(ਜਨਰਲ), ਜਗਦੇਵ ਸਿੰਘ ਬਾਂਮ ਜਿ਼ਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ, ਜ਼ਸ਼ਨ ਬਰਾੜ ਲੋਕ ਸਭਾ ਹਲਕਾ ਇੰਚਾਰਜ ਫਿਰੋਜ਼ਪੁਰ, ਵਰਿੰਦਰ ਢੋਸੀਵਾਲ ਜਨਰਲ ਸਕੱਤਰ ਪੰਜਾਬ ਤੋਂ ਇਲਾਵਾ ਪਤਵੰਤੇ ਵਿਅਕਤੀ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ-ਕਰਮਚਾਰੀ, ਵੱਖ ਵੱਖ ਸਕੂਲਾਂ ਦੇ ਟੀਚਰ ਅਤੇ ਵਿਦਿਆਰਥੀ ਮੌਜੂਦ ਸਨ।ਇਸ ਸਮਾਗਮ ਦੀ ਸਮੁੱਚੀ ਸਟੇਜ਼ ਸੰਚਾਲਨ ਦੀ ਭੂਮਿਕਾ ਜਿ਼ਲ੍ਹਾ ਲੋਕ ਸੰਪਰਕ ਅਫਸਰ ਸ. ਗੁਰਦੀਪ ਸਿੰਘ ਮਾਨ ਵਲੋਂ ਨਿਭਾਈ ਗਈ।