ਜੇਐਲ ਨਿਊਜ਼ / JL NEWS
ਫਤਹਿਗੜ ਸਾਹਿਬ(ਪੰਜਾਬ) 03-06-2022
ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਖੇਤੀਬਾੜੀ ਵਿਭਾਗ ਵੱਲੋਂ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਇਸ ਸਬੰਧੀ ਕਿਸਾਨਾਂ ਦੀ ਮਦਦ ਕਰਨ ਲਈ ਇਕ ਹੈਲਪ ਡੈਸਕ ਸਥਾਪਿਤ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਤੀਬਾੜੀ ਅਫ਼ਸਰ ਸ਼੍ਰੀ ਦਰਸ਼ਨ ਲਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੁੰ 1500 ਰੁਪਏ ਦੀ ਪ੍ਰੋਤਸਾਹਨ ਰਾਸ਼ੀ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਹ ਸਹਾਇਤਾ ਰਾਸ਼ੀ ਪ੍ਰਾਪਤ ਕਰਨ ਲਈ ਕਿਸਾਨਾਂ ਨੂੰ ਆਪਣੇ ਵੇਰਵੇ https://agrimachinerypb.com/home/DSR22 ਉੱਤੇ ਮਿਤੀ 5 ਜੂਨ 2022 ਤੋਂ ਪਹਿਲਾਂ ਪਹਿਲਾਂ ਦਰਜ ਕਰਨੇ ਲਾਜ਼ਮੀ ਹਨ।
ਉਨਾਂ ਹੋਰ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਪਿੰਡ ਪੱਧਰ ਦੇ ਕੈਂਪ ਲਗਾ ਕੇ, ਫੀਲਡ ਡੇਅ ਅਤੇ ਨੁਕੜ ਮੀਟਿੰਗਾਂ ਰਾਹੀਂ ਤਕਨੀਕੀ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਸੰਭਾਵਿਤ ਮੁਸ਼ਕਿਲਾਂ ਦੀ ਰੋਕਥਾਮ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।
ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਜਿਲ੍ਹੇ ਵਿੱਚ ਹੁਣ ਤੱਕ ਤਕਰੀਬਨ 200 ਕੈਂਪ ਅਤੇ ਨੁਕੜ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ।
ਇਸ ਮੌਕੇ ਸ੍ਰੀ ਜ਼ਸਵਿੰਦਰ ਸਿੰਘ ਬਲਾਕ ਖੇਤੀਬਾੜੀ ਅਫਸਰ, ਖੇੜਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਦੇ ਵੇਰਵੇ ਆਨਲਾਈਨ ਪੋਰਟਲ ਤੇ ਦਰਜ ਕਰਨ ਲਈ ਵਿਭਾਗ ਵੱਲੋਂ ਬਲਾਕ ਖੇਤੀਬਾੜੀ ਅਫਸਰ ਖੇੜਾ ਦੇ ਦਫਤਰ ਵਿੱਚ ਹੈਲਪ ਡੈਸਕ ਸਥਾਪਿਤ ਕੀਤਾ ਗਿਆ ਹੈ।
ਕਿਸਾਨਾਂ ਦੀ ਸਹੂਲਤ ਲਈ ਇਹ ਦਫਤਰ ਮਿਤੀ 05 ਜੂਨ ਦਿਨ ਐਤਵਾਰ ਸਵੇਰੇ 9:00 ਤੋਂ ਸ਼ਾਮ 5:00 ਵਜੇ ਤੱਕ ਦਫ਼ਤਰ ਖੁੱਲਾ ਰਹੇਗਾ। ਬਲਾਕ ਖੇੜਾ ਨਾਲ ਸਬੰਧਤ ਕਿਸਾਨ ਆਪਣਾ ਅਧਾਰ ਕਾਰਡ ਅਤੇ ਜਮੀਨ ਨਾਲ ਸਬੰਧਤ (ਖਸਰਾ ਨੰ:ਖੇਵਟ ਨੰ:) ਆਦਿ ਦਸਤਾਵੇਜ਼ ਲੈ ਕੇ ਦਫਤਰ ਵਿੱਚ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ। ਕਿਸਾਨ ਸ੍ਰੀ ਬਹਾਦਰ ਸਿੰਘ, ਸ੍ਰੀ ਜ਼ਸਵੀਰ ਸਿੰਘ ਅਤੇ ਸ੍ਰੀ ਪ੍ਰਭਜੋਤ ਸਿੰਘ ਵਾਸੀ ਪਿੰਡ ਬੀਬੀਪੁਰ ਵੱਲੋਂ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਹੋਰ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵਿਭਾਗ ਵੱਲੋਂ ਚਲਾਈ ਇਸ ਸਹੂਲਤ ਦਾ ਲਾਭ ਲੈਣ।