ਜੇਐਲ ਨਿਊਜ਼/JL NEWS
ਮਾਲੇਰਕੋਟਲਾ(ਪੰਜਾਬ) 02-06-2022
ਸਿਹਤ ਵਿਭਾਗ ਦੀ ਫੂਡ ਸੇਫ਼ਟੀ ਟੀਮ ਵੱਲੋਂ ਸ਼ਹਿਰ ਨਿਵਾਸੀਆਂ ਨੂੰ ਸ਼ੁੱਧ ਅਤੇ ਸਾਫ਼ ਸੁਥਰੀਆਂ ਖਾਣ ਪੀਣ ਦੀਆਂ ਵਸਤਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਅੱਜ ਨਮਕੀਨ ਬਣਾਉਣ ਵਾਲੀਆਂ ਫ਼ੈਕਟਰੀਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ ਜਿਸ ਅਧੀਨ ਸ੍ਰੀਮਤੀ ਰਾਖੀ ਵਿਨਾਇਕ ਸਹਾਇਕ ਕਮਿਸ਼ਨਰ ਫੂਡ ਸੇਫ਼ਟੀ ਅਤੇ ਸ੍ਰੀ ਸੰਦੀਪ ਸਿੰਘ ਫੂਡ ਸੇਫ਼ਟੀ ਅਫ਼ਸਰ ਦੀ ਟੀਮ ਵੱਲੋਂ ਮਲੇਰਕੋਟਲਾ ਵਿਖੇ ਸਬਜ਼ੀ ਮੰਡੀ, ਧੂਰੀ ਰੋਡ ਤੇ ਸਰੋਦ ਰੋਡ ਤੇ ਚੈਕਿੰਗ ਕਰ ਕੇ ਦੋ ਨਮਕੀਨ ਅਤੇ ਇਕ ਚਾਹ ਪੱਤੀ ਦਾ ਸੈਂਪਲ ਭਰਿਆ ਗਿਆ ਅਤੇ ਦੋ ਸੁਧਾਰ ਨੋਟਿਸ ਵੀ ਜਾਰੀ ਕੀਤੇ ਗਏ। ਚੈਕਿੰਗ ਦੌਰਾਨ ਟੀਮ ਵੱਲੋਂ ਭੁਜੀਆ ਅਤੇ ਨਮਕੀਨ ਬਣਾਉਣ ਵਾਲੀਆਂ ਫ਼ੈਕਟਰੀਆਂ ਨੂੰ ਫੂਡ ਸੇਫ਼ਟੀ ਅਤੇ ਸਟੈਂਡਰਡ ਐਕਟ ਦੇ ਮਾਪਦੰਡਾਂ ਅਨੁਸਾਰ ਸਾਫ਼ ਸੁਥਰੇ ਢੰਗ ਨਾਲ ਨਮਕੀਨ ਬਣਾਉਣ ਅਤੇ ਪੈਕ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ ।
ਸ੍ਰੀਮਤੀ ਰਾਖੀ ਵਿਨਾਇਕ ਸਹਾਇਕ ਕਮਿਸ਼ਨਰ ਫੂਡ ਨੇ ਦੱਸਿਆ ਕਿ ਭਰੇ ਗਏ ਸੈਂਪਲਾਂ ਨੂੰ ਜਾਂਚ ਲਈ ਸਟੇਟ ਫੂਡ ਲੈਬਾਰਟਰੀ ਵਿਖੇ ਭੇਜਿਆ ਜਾਵੇਗਾ ਅਤੇ ਲੈਬਾਰਟਰੀ ਜਾਂਚ ਤੋਂ ਬਾਅਦ ਜੇਕਰ ਸੈਂਪਲ ਫ਼ੇਲ੍ਹ ਪਾਏ ਗਏ ਤਾਂ ਸਬੰਧਿਤ ਮਾਲਕਾਂ ਖ਼ਿਲਾਫ਼ ਫੂਡ ਸੇਫ਼ਟੀ ਐਕਟ ਤਹਿਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।