66 ਕੇ.ਵੀ. ਸਬ-ਸਟੇਸ਼ਨ ਭਰਥ ਦੇ ਸ਼ੁਰੂ ਹੋਣ ਨਾਲ ਇਲਾਕੇ ਦੇ 22 ਪਿੰਡਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੀ ਸਹੂਲਤ ਮਿਲੇਗੀ।
ਪੰਜਾਬ ਸਰਕਾਰ ਸੂਬਾ ਵਾਸੀਆਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਪੂਰੀ ਤਰਾਂ ਵਚਨਬੱਧ – ਬਿਜਲੀ ਮੰਤਰੀ
ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਸਹੂਲਤਾਂ ਦੇਣ ਲਈ ਹਰ ਉਪਰਾਲਾ ਕਰੇਗੀ – ਵਿਧਾਇਕ ਅਮਰਪਾਲ ਸਿੰਘ
ਜੇਐਲ ਨਿਊਜ਼ / JL NEWS
ਬਟਾਲਾ(ਪੰਜਾਬ) 03-06-2022
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਲਗਭਗ 22 ਪਿੰਡਾਂ ਨੂੰ ਵੱਡੀ ਸਹੂਲਤ ਦਿੰਦਿਆਂ ਪਿੰਡ ਭਰਥ ਵਿਖੇ 66 ਕੇ.ਵੀ. ਸਬ ਸਟੇਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ। ਕਰੀਬ 4 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਪਿੰਡ ਭਰਥ ਦੇ ਇਸ ਨਵੇਂ 66 ਕੇ.ਵੀ. ਸਬ ਸਟੇਸ਼ਨ ਨੂੰ ਲੋਕ ਅਰਪਣ ਕਰਨ ਦੀ ਰਸਮ ਬਿਜਲੀ ਅਤੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਵੱਲੋਂ ਨਿਭਾਈ ਗਈ। ਇਸ ਮੌਕੇ ਉਨ੍ਹਾਂ ਨਾਲ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਅਤੇ ਪਾਵਰਕਾਮ ਦੇ ਅਧਿਕਾਰੀ ਵੀ ਮੌਜੂਦ ਸਨ।
66 ਕੇ.ਵੀ. ਸਬ ਸਟੇਸ਼ਨ ਭਰਥ ਦਾ ਉਦਘਾਟਨ ਕਰਨ ਮੌਕੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਨੇ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਸਨੀਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਬਿਜਲੀ ਘਰ ਤੋਂ ਹਲਕੇ ਦੇ ਲਗਭਗ 22 ਪਿੰਡਾਂ ਭਰਥ, ਧਾਰੀਵਾਲ ਸੋਹੀਆਂ, ਲੱਲਾ, ਨੰਗਲ ਝੌਰ, ਮਠੋਲਾ, ਭਾਮ, ਚੀਮਾ ਖੁੱਡੀ, ਵਰਸਾਲ ਚੱਕ, ਮੇਤਲੇ, ਸ਼ੁਕਾਲਾ, ਭਾਮੜੀ ਆਦਿ ਨੂੰ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਬਿਜਲੀ ਘਰ ਦੇ ਬਣਨ ਨਾਲ 132 ਕੇ.ਵੀ. ਸਬ-ਸਟੇਸ਼ਨ ਸ੍ਰੀ ਹਰਗੋਬਿੰਦਪੁਰ ਤੋਂ ਚੱਲਦੇ 4 ਨੰਬਰ ਓਵਰਲੋਡ ਏ.ਪੀ. ਫੀਡਰ (11 ਕੇ.ਵੀ. ਭਰਥ, 11 ਕੇ.ਵੀ. ਮਠੋਲਾ, 11 ਕੇ.ਵੀ. ਨੰਗਲ ਝੌਰ, 11 ਕੇ.ਵੀ. ਭਾਮ) ਅਤੇ 1 ਨੰਬਰ 11 ਕੇ.ਵੀ. ਯੂ.ਪੀ.ਐੱਸ. ਚੀਮਾ ਖੁੱਡੀ ਫੀਡਰ ਅੰਡਰ ਲੋਡ ਹੋਣ ਨਾਲ 132 ਕੇ.ਵੀ. ਸਬ ਸਟੇਸ਼ਨ ਸ੍ਰੀ ਹਰਗੋਬਿੰਦਪੁਰ ਨੂੰ ਵੀ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਭਰਥ ਬਿਜਲੀ ਘਰ ਤੋਂ ਪਿੰਡਾਂ ਨੂੰ ਸ਼ਹਿਰੀ ਫੀਡਰਾਂ ਵਾਲੀ ਬਿਜਲੀ ਸਪਲਾਈ ਦੀ ਸਹੂਲਤ ਮਿਲੇਗੀ ਅਤੇ 11 ਕੇ.ਵੀ. ਫੀਡਰਾਂ ਦੀ ਲੰਬਾਈ ਘਟਣ ਕਰਕੇ ਲਾਈਨਾਂ ਦੇ ਹੋਣ ਵਾਲੇ ਨੁਕਸਾਨ ਵੀ ਘਟਣਗੇ ਅਤੇ ਬਿਜਲੀ ਸਪਲਾਈ ਦੀ ਵੋਲਟੇਜ਼ ਵਿੱਚ ਵੀ ਸੁਧਾਰ ਹੋਣ ਦੇ ਨਾਲ ਵਿਭਾਗ ਨੂੰ ਵਿੱਤੀ ਲਾਭ ਵੀ ਮਿਲੇਗਾ।
ਬਿਜਲੀ ਮੰਤਰੀ ਸ. ਹਰਭਜਨ ਸਿੰਘ ਨੇ ਕਿਹਾ ਕਿ ਪਿੰਡ ਭਰਥ ਦੀ ਪੰਚਾਇਤ ਵੱਲੋਂ ਇਹ ਬਿਜਲੀ ਘਰ ਬਣਾਉਣ ਲਈ 39 ਕਨਾਲ 5 ਜ਼ਮੀਨ ਬਿਨ੍ਹਾਂ ਕਿਸੇ ਕੀਮਤ ਦੇ ਦਿੱਤੀ ਗਈ ਸੀ ਜਿਸ ਲਈ ਉਹ ਸਮੂਹ ਪੰਚਾਇਤ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਪੰਜਾਬ ਸਰਕਾਰ ਸੂਬਾ ਵਾਸੀਆਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਵਚਨਬੱਧ ਹੈ।
ਇਸ ਮੌਕੇ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿੰਡ ਭਰਥ ਵਿਖੇ 66 ਕੇ.ਵੀ. ਸਬ-ਸਟੇਸ਼ਨ ਦੀ ਸ਼ੁਰੂਆਤ ਕਰਕੇ ਹਲਕਾ ਵਾਸੀਆਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਅਤੇ ਇਸ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਹਰ ਉਪਰਾਲਾ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਬਿਜਲੀ ਮੰਤਰੀ ਸ. ਹਰਭਜਨ ਸਿੰਘ ਅਤੇ ਵਿਧਾਇਕ ਅਮਰਪਾਲ ਸਿੰਘ ਨੇ ਨਵੇਂ ਬਣੇ ਬਿਜਲੀ ਘਰ ਵਿੱਚ ਪੌਦੇ ਵੀ ਲਗਾਏ।
ਇਸ ਮੌਕੇ ਐੱਸ.ਡੀ.ਐੱਮ. ਬਟਾਲਾ ਸ੍ਰੀਮਤੀ ਸ਼ਾਇਰੀ ਭੰਡਾਰੀ, ਚੀਫ ਇੰਜੀਨੀਅਰ ਪਾਵਰਕਾਮ ਡੀ.ਕੇ. ਸ਼ਾਰਦਾ, ਚੀਫ ਇੰਜੀਨੀਅਰ ਪਰਵਿੰਦਰ ਸਿੰਘ, ਚੀਫ ਇੰਜੀਨੀਅਰ ਬਾਰਡਰ ਜੋਨ ਬਾਲ ਕਿਸ਼ਨ, ਡਿਪਟੀ ਚੀਫ ਇੰਜੀਨੀਅਰ ਗੁਰਦਾਸਪੁਰ ਅਰਵਿੰਦਰਜੀਤ ਸਿੰਘ ਬੋਪਾਰਾਏ, ਡਿਪਟੀ ਚੀਫ ਇੰਜੀਨੀਅਰ ਜਗਜੀਤ ਸਿੰਘ, ਡਿਪਟੀ ਚੀਫ ਇੰਜੀਨੀਅਰ ਜਸਵੰਤ ਜਫ਼ਰ, ਡੀ.ਆਰ ਬੰਗੜ, ਐਡੀਸ਼ਨਲ ਐੱਸ.ਈ. ਸੁਰੇਸ਼ ਕੁਮਾਰ, ਕਮਲਜੀਤ ਸਿੰਘ ਕਾਦੀਆਂ, ਐੱਸ.ਡੀ.ਓ. ਸ੍ਰੀ ਹਰਗੋਬਿੰਦਪੁਰ ਰਵਿੰਦਰ ਕੁਮਾਰ, ਬੀ.ਡੀ.ਪੀ.ਓ ਅਮਨਦੀਪ ਕੌਰ, ਗੁਰਪ੍ਰੀਤ ਸਿੰਘ, ਨਰਿੰਦਰ ਸਿੰਘ ਭਰਥ, ਮਨਜੋਤ ਸਿੰਘ, ਡਾ. ਨਰਿੰਦਰ ਸਿੰਘ ਬੱਬੂ, ਸੁਖਦੇਵ ਸਿੰਘ ਰੋਮੀ ਪੀ.ਏ, ਸੁਖਰਾਜ ਸਿੰਘ, ਸਰਬਜੀਤ ਸਿੰਘ ਭਰਥ, ਕਾਲਾ ਭਰਥ ਤੋਂ ਇਲਾਵਾ ਇਲਾਕੇ ਦੇ ਹੋਰ ਮੋਹਤਬਰ ਵੀ ਹਾਜ਼ਰ ਸਨ।