– ਸਾਧਾਰਨ ਪਰਿਵਾਰ ਨਾਲ ਸਬੰਧਤ ਮਨਪ੍ਰੀਤ ਸਿੰਘ ਨੂੰ ਰਿਲਾਂਇਸ ਜੀਓ ਵਿੱਚ ਐਚ.ਐਸ.ਓ. ਦੀ ਅਸਾਮੀ ਤੇ ਕੀਤਾ ਗਿਆ ਤਾਇਨਾਤ– ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਦਿਨ ਰਾਤ ਕਰ ਰਿਹੈ ਕੰਮ
ਜੇਐਲ ਨਿਊਜ਼ / JL NEWS
ਫ਼ਤਹਿਗੜ੍ਹ ਸਾਹਿਬ(ਪੰਜਾਬ) / 16-09-2022
ਫ਼ਤਹਿਗੜ੍ਹ ਸਾਹਿਬ(ਪੰਜਾਬ) / 16-09-2022
ਪੰਜਾਬ ਸਰਕਾਰ ਵੱਲੋਂ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਚਲਾਏ ਜਾ ਰਹੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਦਿਨ ਰਾਤ ਇੱਕ ਕਰਕੇ ਕੰਮ ਕਰ ਰਿਹਾ ਹੈ ਤਾਂ ਜੋ ਜ਼ਿਲ੍ਹੇ ਦੇ ਬੇਰੋਜ਼ਗਾਰ ਆਪਣੇ ਪੈਰਾ ਤੇ ਖੜੇ ਹੋ ਸਕਣ। ਇਹ ਪ੍ਰਗਟਾਵਾ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰਿਤਾ ਜੋਹਲ ਨੇ ਦੱਸਿਆ ਕਿ ਬਸੀ ਪਠਾਣਾ ਦੇ ਇੱਕ ਸਧਾਰਨ ਪ੍ਰੀਵਾਰ ਦੇ ਮਨਪ੍ਰੀਤ ਸਿੰਘ, ਜਿਸ ਦੇ ਪਿਤਾ ਬਸੀ ਪਠਾਣਾ ਵਿੱਚ ਇਲੈਕਟ੍ਰੀਸ਼ੀਅਨ ਦਾ ਕੰਮ ਕਰ ਰਹੇ ਹਨ, ਨੇ 12ਵੀਂ ਪਾਸ ਕਰਨ ਉਪਰੰਤ ਆਈ.ਟੀ.ਆਈ. ਬਸੀ ਪਠਾਣਾ ਵਿਖੇ ਇਲੈਕਟ੍ਰੀਸ਼ੀਅਨ ਟਰੇਡ ਵਿੱਚ ਦਾਖਲਾ ਲਿਆ ਸੀ ਅਤੇ ਉਹ ਇਲੈਕਟ੍ਰੀਸ਼ੀਅਨ ਦੇ ਕੰਮ ਵਿੱਚ ਆਪਣੇ ਪਿਤਾ ਦਾ ਹੱਥ ਵੀ ਵਟਾਉਂਦਾ ਰਿਹਾ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਨੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਆਪਣਾ ਨਾਮ ਦਰਜ਼ ਕਰਵਾਇਆ ਸੀ ਅਤੇ ਬਿਊਰੋ ਵੱਲੋਂ ਮਨਪ੍ਰੀਤ ਸਿੰਘ ਨੂੰ ਰਿਲਾਂਇੰਸ ਜੀਓ ਫਾਈਬਰ ਦੇ ਸਰਹਿੰਦ ਸਥਿਤ ਦਫ਼ਤਰ ਵਿਖੇ ਐਚ.ਐਸ.ਓ. ਦੀ ਅਸਾਮੀ ਲਈ ਇੰਟਰਵਿਊ ਤੇ ਭੇਜਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਰਿਲਾਂਇੰਸ ਜੀਓ ਫਾਈਬਰ ਦੇ ਅਧਿਕਾਰੀਆਂ ਵੱਲੋਂ ਐਚ.ਐਸ.ਓ. ਦੀ ਅਸਾਮੀ ਲਈ ਮਨਪ੍ਰੀਤ ਸਿੰਘ ਦੀ ਚੋਣ ਕੀਤੀ ਗਈ ਜਿਸ ਤੋਂ ਉਹ ਕਾਫੀ ਖੁਸ਼ ਹੈ। ਵਰਨਣਯੋਗ ਹੈ ਕਿ ਰਿਲਾਂਇੰਸ ਜੀਓ ਦੇਸ਼ ਦੀ ਇੱਕ ਪ੍ਰਸਿੱਧ ਕੰਪਨੀ ਹੈ ਅਤੇ ਇਸ ਕੰਪਨੀ ਵਿੱਚ ਨੌਕਰੀ ਮਿਲਣੀ ਵੀ ਖੁਸ਼ੀ ਦੀ ਗੱਲ ਹੈ।
ਏ.ਡੀ.ਸੀ. ਨੇ ਕਿਹਾ ਕਿ ਜ਼ਿਲ੍ਹੇ ਦੇ ਕਈ ਬੇਰੋਜ਼ਗਾਰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਰਾਹੀਂ ਰੋਜ਼ਗਾਰ ਹਾਸਲ ਕਰ ਚੁੱਕੇ ਹਨ। ਉਨ੍ਹਾਂ ਜ਼ਿਲ੍ਹੇ ਦੇ ਬੇਰੋਜ਼ਗਾਰਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਦਾ ਨਾਮ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿੱਚ ਦਰਜ਼ ਨਹੀਂ ਹੈ ਉਹ ਆਪਣਾ ਨਾਮ ਬਿਊਰੋ ਵਿੱਚ ਜਰੂਰ ਦਰਜ਼ ਕਰਵਾਉਣ ਤਾਂ ਜੋ ਉਨ੍ਹਾਂ ਦੀ ਯੋਗਤਾ ਅਨੁਸਾਰ ਰੋਜ਼ਾਗਰ ਹਾਸਲ ਹੋ ਸਕੇ।