ਵਿਧਾਇਕ ਦਵਿੰਦਰ ਸਿੰਘ ਲਾਡੀ ਢੋਸ ਨੇ ਸਿ਼ਰਕਤ ਕਰਕੇ ਕੀਤੀ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ ਦਾ ਕੀਤਾ ਵਿਸ਼ੇਸ਼ ਸਨਮਾਨ
ਜੇਐਲ ਨਿਊਜ਼ / JL NEWS
ਮੋਗਾ(ਪੰਜਾਬ) / 17-09-2022
ਖੇਡਾਂ ਵਤਨ ਪੰਜਾਬ ਦੀਆਂ, ਦੇ ਜਿ਼ਲ੍ਹਾ ਪੱਧਰੀ ਅੰਡਰ-17 ਮੁਕਾਬਲੇ ਅੱਜ ਪੂਰੀ ਸ਼ਾਨੋ ਸ਼ੌਕਤ ਨਾਲ ਸਮਾਮਤ ਹੋ ਗਏ। ਸਮਾਪਤੀ ਸਮਾਗਮ ਵਿੱਚ ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰ ਸਿੰਘ ਲਾਡੀ ਢੋਸ ਨੇ ਖਾਸ ਸਿ਼ਰਕਤ ਕੀਤੀ ਅਤੇ ਜੇਤੂ ਰਹੇ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ। ਇਸ ਮੌਕੇ ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ ਵਾਲਾ ਜੀ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।
ਦੋਨੋਂ ਮਹਿਮਾਨਾਂ ਦਾ ਜਿ਼ਲ੍ਹਾ ਖੇਡ ਅਫ਼ਸਰ ਮੋਗਾ ਸ੍ਰੀ ਬਲਜਿੰਦਰ ਸਿੰਘ ਨੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਨਮਾਨ ਕੀਤਾ।
ਵਿਧਾਇਕ ਦਵਿੰਦਰ ਸਿੰਘ ਨੇ ਸਾਰੇ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ ਅਤੇ ਉਨ੍ਹਾਂ ਨਾਲ ਆਪਣੇ ਵਿਚਾਰ ਸਾਂਝੇ ਕਰਕੇ, ਉਨ੍ਹਾਂ ਦੇ ਵਿਚਾਰਾਂ ਨੂੰ ਵੀ ਗਹੁ ਨਾਲ ਸੁਣਿਆ। ਉਨ੍ਹਾਂ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਹੋਰਨਾਂ ਨੌਜਵਾਨਾਂ ਦੀ ਤਰ੍ਹਾਂ, ਖੇਡਾਂ ਵਿੱਚ ਰੁਚੀ ਰੱਖਣ ਵਾਲੇ ਨੌਜਵਾਨਾਂ ਦੇ ਚੰਗੇਰੇ ਭਵਿੱਖ ਲਈ ਵਚਨਬੱਧ ਹੈ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਸ਼ਲਾਘਾਯੋਗ ਉਪਰਾਲੇ ਕਰਕੇ ਹਰ ਵਰਗ ਦੇ ਲੋਕਾਂ ਦਾ ਖਿਆਲ ਰੱਖ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਖਿਡਾਰੀਆਂ ਨੂੰ ਇਸ ਤਰ੍ਹਾਂ ਦੇ ਮੌਕੇ ਬਿਲਕੁਲ ਨਹੀਂ ਦਿੱਤੇ ਗਏ, ਹੁਣ ਇਨ੍ਹਾਂ ਮੌਕਿਆਂ ਨਾਲ ਖਿਡਾਰੀਆਂ ਦੀ ਪ੍ਰਤਿਭਾ ਵਿੱਚ ਵੀ ਨਿਖਾਰ ਆਵੇਗਾ ਅਤੇ ਉਨ੍ਹਾਂ ਨੂੰ ਉਚ ਪੱਧਰ ਦੀਆਂ ਖੇਡਾਂ ਵਿੱਚ ਆਪਣਾ ਹੁਨਰ ਦਿਖਾਉਣ ਦੇ ਮੌਕੇ ਵੀ ਪ੍ਰਦਾਨ ਹੋਣਗੇ ਜਿੰਨ੍ਹਾਂ ਨਾਲ ਉਨ੍ਹਾਂ ਦਾ ਚੰਗਾ ਭਵਿੱਖ ਬਣੇਗਾ।
ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ ਨੇ ਸਮੂਹ ਖਿਡਾਰੀਆਂ ਨੂੰ ਕਿਹਾ ਕਿ ਉਹ ਨਸਿ਼ਆਂ ਤੋਂ ਦੂਰ ਰਹਿ ਕੇ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰਨ ਅਤੇ ਆਪਣੇ ਮਾਪਿਆਂ, ਆਪਣੇ ਸੂਬੇ ਦਾ ਨਾਮ ਪੂਰੀ ਦੁਨੀਆਂ ਵਿੱਚ ਰੌਸ਼ਨ ਕਰਨ।
ਜਿ਼ਲ੍ਹਾ ਖੇਡ ਅਫ਼ਸਰ ਮੋਗਾ ਸ੍ਰੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਅੱਜ ਦੇ ਅੰਡਰ-17ਲੜਕੇ/ ਲੜਕੀਆਂ ਦੇ ਆਖਰੀ ਦਿਨ ਖਿਡਾਰੀਆਂ ਦੇ ਬੜੇ ਫਸਵੇ ਮੁਕਾਬਲੇ ਵੇਖਣ ਨੂੰ ਮਿਲੇ। ਖੇਡ ਹਾਕੀ ਦੇ ਅੰਡਰ 17 ਦੇ ਫਾਈਨਲ ਮੁਕਾਬਲੇ ਵਿੱਚ ਪਿੰਡ ਲੋਪੋ ਅਤੇ ਪਿੰਡ ਮੀਨੀਆ ਦੀਆਂ ਟੀਮਾਂ ਆਹਣੇ ਸਾਹਮਣੇ ਹੋਈਆਂ। ਜਿਸ ਵਿੱਚ ਪਿੰਡ ਲੋਪੋ ਨੇ ਪਹਿਲਾ ਸਥਾਨ, ਪਿੰਡ ਮੀਨੀਆ ਨੇ ਦੂਜਾ ਅਤੇ ਮੋਗਾ ਤੀਜੇ ਸਥਾਨ ਤੇ ਰਹੀ।