ਵਿਧਾਇਕ ਨੇ ਬਾਬਾ ਫਤਿਹ ਸਿੰਘ ਫੁੱਟਬਾਲ ਅਕੈਡਮੀ ਫਤਹਿਗੜ੍ਹ ਸਾਹਿਬ ਨੂੰ 50 ਹਜ਼ਾਰ ਦੀ ਮਾਲੀ ਮਦਦ ਦਿੱਤੀ
ਜੇਐਲ ਨਿਊਜ਼ / JL NEWS
ਫ਼ਤਹਿਗੜ੍ਹ ਸਾਹਿਬ(ਪੰਜਾਬ) / 18-09-2022
ਖੇਡ ਜਗਤ ਦੇ ਖੁਸ਼ਹਾਲ ਹੋਣ ਦੇ ਨਾਲ ਨੌਜਵਾਨ ਪੀੜ੍ਹੀ ਨਸ਼ਿਆਂ ਵਰਗੀਆਂ ਬੁਰਾਈਆਂ ਤੋਂ ਬਚ ਜਾਵੇਗੀ। ਪੰਜਾਬ ਦੀ ਰੀੜ੍ਹ ਦੀ ਹੱਡੀ ਮਜ਼ਬੂਤ ਹੋਣ ਦੇ ਨਾਲ ਸੂਬਾ ਵਿਕਾਸ ਦੀਆਂ ਲੀਹਾਂ ਤੇ ਆਵੇਗਾ। ਇਹ ਪ੍ਰਗਟਾਵਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਬਾਬਾ ਫਤਿਹ ਸਿੰਘ ਫੁਟਬਾਲ ਅਕੈਡਮੀ ਫਤਹਿਗੜ੍ਹ ਸਾਹਿਬ ਨੂੰ ਦੂਜੇ ਆਲ ਇੰਡੀਆ ਬਾਬਾ ਫਤਿਹ ਸਿੰਘ ਫ਼ੁਟਬਾਲ ਕੱਪ ਲਈ 50 ਹਜ਼ਾਰ ਰੁਪਏ ਦੀ ਮਾਲੀ ਮੱਦਦ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਪੰਜਾਬ ਦੇ ਲਈ ਖ਼ੁਸ਼ਹਾਲੀ ਲੈ ਕੇ ਆਉਣਗੀਆਂ। ਨੌਜਵਾਨ ਭੈੜੀਆਂ ਕੁਰੀਤੀਆਂ ਤੋਂ ਬਾਹਰ ਨਿਕਲ ਖੇਡ ਮੈਦਾਨਾਂ ਵੱਲ ਆਉਣਗੇ। ਅੱਜ ਖੇਡ ਮੈਦਾਨਾਂ ਦੇ ਵਿਚ ਨੌਜਵਾਨਾਂ ਦੀਆਂ ਡਾਰਾਂ ਦੇਖ ਕੇ ਮਨ ਖ਼ੁਸ਼ ਹੁੰਦਾ ਹੈ।
ਐਡਵੋਕੇਟ ਰਾਏ ਨੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖੇਡਾਂ ਵਤਨ ਪੰਜਾਬ ਦੀਆ ਮੁਹਿੰਮ ਚਲਾ ਕੇ ਖੁਸ਼ਹਾਲ ਪੰਜਾਬ ਸਿਰਜਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ, ਹੁਣ ਜ਼ਰੂਰਤ ਹੈ ਸਾਨੂੰ ਇਹ ਖੁਸ਼ਹਾਲੀ ਆਪਣੇ ਘਰਾਂ ਤਕ ਲੈ ਕੇ ਆਉਣ ਦੀ। ਸਾਨੂੰ ਆਪਣੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੱਲ ਵੀ ਪ੍ਰੇਰਿਤ ਕਰਨਾ ਚਾਹੀਦਾ ਹੈ, ਤਾਂ ਜੋ ਉਹ ਭੈੜੀਆਂ ਕੁਰੀਤੀਆਂ ਤੋਂ ਦੂਰ ਰਹਿ ਕੇ ਆਪਣਾ ਵਾਧੂ ਸਮਾਂ ਖੇਡਾਂ ਦੇ ਵਿੱਚ ਬਤੀਤ ਕਰਨ।
ਇਸ ਮੌਕੇ ਹੋਰ ਜਾਣਕਾਰੀ ਦਿੰਦਿਆਂ ਐਡਵੋਕੇਟ ਅਮਰਿੰਦਰ ਸਿੰਘ ਮੰਡੋਫ਼ਲ ਨੇ ਦੱਸਿਆ ਕਿ ਬਾਬਾ ਫਤਿਹ ਸਿੰਘ ਫੁਟਬਾਲ ਅਕੈਡਮੀ ਫਤਹਿਗੜ੍ਹ ਸਾਹਿਬ ਵੱਲੋਂ ਦੂਜਾ ਆਲ ਇੰਡੀਆ ਬਾਬਾ ਫਤਿਹ ਸਿੰਘ ਫੁਟਬਾਲ ਕੱਪ 6 ਤੋਂ 9 ਅਕਤੂਬਰ 2022 ਨੂੰ ਮਾਤਾ ਸੁੰਦਰੀ ਸਕੂਲ ਅੱਤੇਵਾਲੀ ਫਤਹਿਗਡ਼੍ਹ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ। 17 ਸਾਲਾ ਵਰਗ ਦੇ ਮੈਚਾਂ ਦੌਰਾਨ ਪਹਿਲਾ ਇਨਾਮ 51 ਹਜ਼ਾਰ ਤੇ ਦੂਜਾ 31 ਹਜ਼ਾਰ ਰੁਪਏ ਹੋਵੇਗਾ। ਇਸ ਮੌਕੇ ਵਿਧਾਇਕ ਲਖਵੀਰ ਸਿੰਘ ਰਾਏ ਵੱਲੋਂ ਕਲੱਬ ਨੂੰ ਮਾਲੀ ਮਦਦ ਦਾ ਚੈੱਕ ਭੇਂਟ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰਜੀਤ ਸਿੰਘ, ਸਤਵੀਰ ਸਿੰਘ, ਮਨਿੰਦਰਜੀਤ ਸਿੰਘ, ਗੌਰਵ ਪਹਿਲਵਾਨ, ਹਰਿੰਦਰ ਕੁਮਾਰ, ਗੁਰਮੀਤ ਸਿੰਘ, ਜੀਵਨ ਮਾਨ, ਸੁਖਬੀਰ ਸਿੰਘ, ਦਵਿੰਦਰ ਗਰੇਵਾਲ, ਜਗਦੀਪ ਗੁਰਾਇਆ ਆਦਿ ਵੀ ਹਾਜ਼ਰ ਸਨ।