Punjabi

ਸਰਕਾਰੀ ਇਮਾਰਤਾਂ ਵਿੱਚ ਸੋਲਰ ਪਾਵਰ ਪ੍ਰੋਜੈਕਟ ਲਗਾਏ ਜਾਣਗੇ : ਲਖਬੀਰ ਰਾਏ

 

– ਪਿੰਡਾਂ ਦੇ ਸਕੂਲਾਂ, ਡਿਸਪੈਂਸਰੀਆਂ ਅਤੇ ਹੋਰ ਇਮਾਰਤਾਂ ਨੂੰ ਕੀਤਾ ਜਾਵੇਗਾ ਬਿਲ ਮੁਕਤ

 

– ਆਮ ਆਦਮੀ ਦੀ ਸਰਕਾਰ ਨੇ 300 ਯੂਨਿਟ ਪ੍ਰਤੀ ਮਹੀਨਾਂ ਮੁਫਤ ਬਿਜਲੀ ਦੇ ਕੇ ਲੋਕਾਂ ਨੂੰ ਦਿੱਤੀ ਵੱਡੀ ਸੌਗਾਤ

 

– ਸਰਕਾਰ ਬਣਨ ਉਪਰੰਤ ਕਿਸਾਨਾਂ ਨੂੰ ਖੇਤੀ ਲਈ 8 ਘੰਟੇ ਤੋਂ ਵੱਧ ਬਿਜਲੀ ਸਪਲਾਈ ਦੇ ਕੇ ਇਤਿਹਾਸ ਸਿਰਜਿਆ

 

– ਹਲਕਾ ਵਿਧਾਇਕ ਲਖਬੀਰ ਸਿੰਘ ਰਾਏ ਨੇ ਕੀਤੀ ਸਿ਼ਰਕਤ

 

ਜੇਐਲ ਨਿਊਜ਼ / JL NEWS 

ਫ਼ਤਹਿਗੜ੍ਹ ਸਾਹਿਬ(ਪੰਜਾਬ) / 28–07–2022

ਪਿੰਡਾਂ ਦੇ ਸਕੂਲਾਂ, ਡਿਸਪੈਂਸਰੀਆਂ ਅਤੇ ਹੋਰ ਸਰਕਾਰੀ ਅਦਾਰਿਆਂ ਨੂੰ ਬਿਲ ਮੁਕਤ ਕਰਨ ਲਈ ਇਨ੍ਹਾਂ ਵਿੱਚ ਸੂਰਜੀ ਊਰਜਾ ਦੇ ਪ੍ਰੋਜੈਕਟ ਲਗਾਏ ਜਾਣਗੇ । ਇਹ ਜਾਣਕਾਰੀ ਹਲਕਾ ਵਿਧਾਇਕ ਸ. ਲਖਬੀਰ ਸਿੰਘ ਰਾਏ ਨੇ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ਼ ਦੇ ਆਡੀਟੌਰੀਅਮ ਵਿਖੇ ਪੀ.ਐਸ.ਪੀ.ਸੀ.ਐਲ., ਐਸ.ਜੇ.ਵੀ.ਐਨ. ਲਿਮ:, ਪੀ.ਐਸ.ਟੀ.ਸੀ.ਐਲ. ਅਤੇ ਪੇਡਾ ਵੱਲੋਂ ਜਿ਼ਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਤਹਿਤ ਉਜਵਲ ਭਵਿੱਖ, ਉਜਵੱਲ ਭਾਰਤ ਵਿਸ਼ੇ ’ਤੇ ਕਰਵਾਏ ਗਏ ਬਿਜਲੀ ਮਹਾਂਉਤਸਵ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਪੰਜਾਬ ਨੇ ਊਰਜਾ ਦੇ ਖੇਤਰ ਵਿੱਚ ਲੰਮੀਆਂ ਪੁਲਾਂਘਾ ਪੁੱਟੀਆਂ ਹਨ ਅਤੇ ਇਹੋ ਵਜ੍ਹਾ ਹੈ ਕਿ ਪੰਜਾਬ ਊਰਜਾ ਦੇ ਖੇਤਰ ਵਿੱਚ ਦੇਸ਼ ਦਾ ਮੋਹਰੀ ਸੂਬਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਪਹਿਲਾਂ ਜਿਥੇ ਕਿਸਾਨਾਂ ਨੂੰ ਮੁਫਤ ਬਿਜਲੀ ਦਿੱਤੀ ਜਾ ਰਹੀ ਸੀ ਉਥੇ ਹੁਣ ਆਮ ਲੋਕਾਂ ਨੂੰ ਵੀ 300 ਯੁਨਿਟ ਪ੍ਰਤੀ ਮਹੀਨਾ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ ਅਤੇ ਸਰਕਾਰ ਦੀ ਇਹ ਸਹੂਲਤ ਆਮ ਲੋਕਾਂ ਲਈ ਵੱਡੀ ਸੌਗਾਤ ਹੈ।

ਵਿਧਾਇਕ ਰਾਏ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਕਿਸਾਨਾਂ ਨੂੰ ਖੇਤੀ ਲਈ ਨਿਰਵਿਘਨ ਬਿਜਲੀ ਸਪਲਾਈ ਲਈ ਧਰਨੇ ਲਗਾਉਣੇ ਪੈਂਦੇ ਸਨ ਪ੍ਰੰਤੂ ਸਰਕਾਰ ਬਣਦੇ ਹੀ ਕਿਸਾਨਾਂ ਨੂੰ ਖੇਤੀ ਲਈ 8 ਘੰਟੇ ਤੋਂ ਵੱਧ ਸਮਾਂ ਬਿਜਲੀ ਸਪਲਾਈ ਦਿੱਤੀ ਗਈ ਜਿਸ ਤੋਂ ਕਿਸਾਨ ਵਰਗ ਵੱਲੋਂ ਖੁਸ਼ੀ ਪ੍ਰਗਟਾਈ ਜਾ ਰਹੀ ਹੈ। ਉਨ੍ਹਾਂ ਪੀ.ਐਸ.ਪੀ.ਸੀ.ਐਲ. ਦੇ ਖੇਤਰੀ ਸਟਾਫ ਦੀ ਪ੍ਰਸ਼ੰਸ਼ਾਂ ਕਰਦਿਆਂ ਕਿਹ ਕਿ ਜਿਸ ਤਰ੍ਹਾਂ ਸਾਡੇ ਸੈਨਿਕ ਦੇਸ਼ ਦੀਆਂ ਸਰਹੱਦਾਂ ’ਤੇ ਰਾਖੀ ਕਰਦੇ ਹਨ ਉਸੇ ਤਰ੍ਹਾਂ ਵਿਭਾਗ ਦਾ ਖੇਤਰੀ ਸਟਾਫ ਵੀ ਸਤਿਕਾਰ ਯੋਗ ਹੈ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵਿਭਾਗ ਦਾ ਸਾਥ ਦੇ ਕੇ ਇਸ ਨੂੰ ਦੇਸ਼ ਦੀ ਸਰਵੋਤਮ ਕਾਰਪੋਰੇਸ਼ਨ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।

ਸ. ਰਾਏ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਬਦਲੀ ਦੇ ਦਬਾਅ ਹੇਠ ਆਪਣੀ ਮਨਮਰਜੀ ਅਨੁਸਾਰ ਕੰਮ ਕਰਵਾ ਰਹੇ ਸਨ ਪ੍ਰੰਤੂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਸਾਰਾ ਕੁਝ ਬੰਦ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਹੀ ਅਰਥਾਂ ਵਿੱਚ ਲੋਕਤੰਤਰ ਲਾਗੂ ਕਰਨ ਲਈ ਆਪਸੀ ਭੇਦ ਭਾਵ ਖਤਮ ਕੀਤੇ ਗਏ ਹਨ ਕਿਉਂਕਿ ਬਿਨਾਂ ਭੇਦ-ਭਾਵ ਖਤਮ ਕੀਤੇ ਲੋਕਤੰਤਰ ਲਾਗੂ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਸਕੂਲੀ ਵਿਦਿਆਰਥੀਆਂ ਵੱਲੋਂ ਜਾਗਰੂਕਤਾ ਨਾਟਕ ਪੇਸ਼ ਕੀਤੇ ਗਏ ਅਤੇ ਵੀ.ਡੀ.ਓ. ਫਿਲਮਾਂ ਵੀ ਵਿਖਾਈਆਂ ਗਈਆਂ। ਵਿਧਾਇਕ ਨੇ ਸਭਿਆਚਾਰਕ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਬੱਚਿਆਂ ਦਾ ਸਨਮਾਨ ਵੀ ਕੀਤਾ ਗਿਆ।

ਇਸ ਮੌਕੇ ਐਸ.ਜੇ.ਵੀ.ਐਨ. ਲਿਮ: ਦੇ ਡਿਪਟੀ ਜਨਰਲ ਮੈਨੇਜਰ ਇੰਜ: ਅਭਿਸ਼ੇਕ ਨੇ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਅਧੀਨ ਕਰਵਾਏ ਜਾ ਰਹੇ ਸਮਾਗਮਾਂ ਬਾਰੇ ਵੀ ਦੱਸਿਆ। ਇਸ ਮੌਕੇ ਐਸ.ਡੀ.ਐਮ. ਸ. ਹਰਪ੍ਰੀਤ ਸਿੰਘ ਅਟਵਾਲ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸ. ਗੁਰਸਤਿੰਦਰ ਸਿੰਘ ਜੱਲ੍ਹਾ, ਪਾਰਟੀ ਦੇ ਜਨਰਲ ਸਕੱਤਰ ਗੌਰਵ ਅਰੋੜਾ, ਪੀ.ਐਸ.ਪੀ.ਸੀ.ਐਲ. ਦੇ ਨਿਗਰਾਨ ਇੰਜਨੀਅਰ ਬਲਜਿੰਦਰ ਸਿੰਘ ਸਿੱਧੂ, ਵਧੀਕ ਨਿਗਰਾਨ ਇੰਜਨੀਅਰ ਸ. ਸੁਰਿੰਦਰ ਸਿੰਘ ਬੈਂਸ, ਵਧੀਕ ਨਿਗਰਾਨ ਇੰਜਨੀਅਰ ਇੰਜ. ਨਿਰਮਲ ਸਿੰਘ, ਕਾਰਜਕਾਰੀ ਇੰਜੀਨੀਅਰ ਪਰਜੀਤ ਸਿੰਘ, ਇੰਜ: ਅਵਿਨਾਸ਼ ਗਰਗ ਅਤੇ ਰੋਜ਼ਾ ਸਰੀਫ ਦੇ ਖਲੀਫਾ ਸਈਅਦ ਸਾਦਿਕ ਰਜ਼ਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਤਵੰਤੇ ਮੌਜੂਦ ਸਨ।

Related posts

ਮਾਮੂਲੀ ਝਗੜੇ ਦੇ ਚੱਲਦੇ ਸਿਰ ਚ ਮਾਰੀ ਗੋਲੀ,ਨੌਜਵਾਨ ਦੀ ਹੋਈ ਮੌਤ।

JL News

ਨਵਜੋਤ ਸਿੱਧੂ ਨੂੰ ਮੈਡੀਕਲ ਜਾਂਚ ਲਈ ਲਿਆਂਦਾ ਗਿਆ PGI

JL News

ਸੰਕਲਪ ਪ੍ਰੋਜੈਕਟ ਅਧੀਨ, ਮੋਹਾਲੀ ਇੰਡਸਟ੍ਰੀਜ਼ ਐਸੋਸੀਏਸ਼ਨ ਨਾਲ ਕਰਵਾਈ ਗਈ ਵਰਕਸ਼ਾਪ।

JL News
Download Application